Tuesday, 28 June 2011

ਰੋਕੋ ਕੈਂਸਰ ਬੋਰਡ ਯੂ.ਕੇ. ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚੋਂ ਕੈਂਸਰ ਦੀ ਜੜ੍ਹ ਪੁੱਟਣ ਲਈ ਯਤਨਸ਼ੀਲ ਸੰਸਥਾ ਰੋਕੋ ਕੈਂਸਰ ਵੱਲੋਂ ਗਲੋਬਲ ਰੋਮਿੰਗ ਅੰਬੈਸਡਰ ਸ੍ਰ: ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਵੱਡੀ ਪੱਧਰ ਉੱਤੇ ਯਤਨ ਆਰੰਭੇ ਹੋਏ ਹਨ। ਬੀਤੇ ਦਿਨੀਂ ਜਗ ਬਾਣੀ ਵੱਲੋਂ ਕੈਂਸਰ ਦੀ ਪੰਜਾਬ ਵਿੱਚ ਭਿਆਨਕਤਾ ਬਾਰੇ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਪੰਜਾਬ ਵਿੱਚ ਰੋਕੋ ਕੈਂਸਰ ਸੰਸਥਾ ਦੀਆਂ ਗਤੀਵਿਧੀਆਂ ਦੀ ਕਾਫੀ ਚਰਚਾ ਪਾਈ ਜਾ ਰਹੀ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਂਸਰ ਦੀ ਲਪੇਟ ਵਿੱਚ ਆਏ ਹਰ ਉਸ ਮਰੀਜ਼ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਜਿਸਨੂੰ ਕੈਂਸਰ ਪਹਿਲੀ ਸਟੇਜ ਉੱਤੇ ਹੈ। ਪੰਜਾਬ ਰਕਾਰ ਵੱਲੋਂ ਇਸ ਐਲਾਨ ਦਾ ਸਵਾਗਤ ਕਰਦਿਆਂ ਰੋਕੋ ਕੈਂਸਰ ਬੋਰਡ ਯੂ.ਕੇ. ਵੱਲੋਂ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟਰੱਸਟੀ ਪੈਨੀ ਸਪੀਅਰਜ, ਸਾਰਾ ਕੇਨੇਡੀ, ਜੂਲੀਅਟ ਫੌਸਟਰ, ਟੋਨੀ ਬਾਲਡਰੀ ਮੈਂਬਰ ਪਾਰਲੀਮੈਂਟ, ਲਾਰਡ ਨਵਨੀਤ, ਡਾ: ਵੈਨਸ ਕੇਬਲ ਮੈਂਬਰ ਪਾਰਲੀਮੈਂਟ, ਡਾਨ ਬੁਟਲਰ ਮੈਂਬਰ ਪਾਰਲੀਮੈਂਟ, ਡੋਮੀਨਕ ਗਰੀਵ ਮੈਂਬਰ ਪਾਰਲੀਮੈਂਟ, ਰਿਚਰਡ ਬਰਡਨ ਮੈਂਬਰ ਪਾਰਲੀਮੈਂਟ, ਲੇਡੀ ਜਾਹੀਦਾ ਸ਼ੇਖ, ਲਾਰਡ ਖਾਲਿਦ ਹਮੀਦ ਸੀ.ਬੀ.ਈ. ਆਦਿ ਹਸਤੀਆਂ ਨੇ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਤਾਰੀਫ ਕੀਤੀ। ਇਸ ਸੰਬੰਧੀ ਜਗ ਬਾਣੀ ਨਾਲ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਕੈਂਸਰ ਚੈੱਕਅਪ ਕੈਂਪ ਲਾਉਣ ਵੇਲੇ ਮਰੀਜ਼ਾਂ ਦੇ ਚਿਹਰੇ ਦੇਖ ਕੇ ਧਾਹ ਨਿੱਕਲ ਜਾਂਦੀ ਸੀ ਜਦੋਂ ਕੈਂਸਰ ਪੀੜਤਾਂ ਦੇ ਚਿਹਰਿਆਂ ਤੋਂ ਮੌਤ ਦਾ ਸਿਰਨਾਵਾਂ ਸਾਫ ਪੜ੍ਹਿਆ ਜਾਂਦਾ ਸੀ। ਗਰੀਬੀ ਕਾਰਨ ਲੋਕ ਆਪਣੀ ਬੀਮਾਰੀ ਦਾ ਮੁੱਢਲਾ ਇਲਾਜ਼ ਕਰਵਾਉਣੋਂ ਵੀ ਲਾਚਾਰ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਅਕਤੂਬਰ ਮਹੀਨੇ ਦੇ ਆਖੀਰ ਵਿੱਚ ਮਾਲਵਾ ਖੇਤਰ 'ਚ ਸਾਰੀਆਂ ਬੀਮਾਰੀਆਂ ਦੇ ਇਲਾਜ਼ ਬਾਰੇ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕਰਨ ਜਾ ਰਹੇ ਹਨ।