Tuesday, 28 June 2011

ਇੰਡੀਆ ਐਸੋਸੀਏਸ਼ਨ ਨੇ ਦਿੱਤੀ ਬਰਤਾਨਵੀ ਫੌਜ਼ੀਆਂ ਨੂੰ 25 ਹਜ਼ਾਰ ਪੌਂਡ ਦੀ ਸਹਾਇਤਾ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਨਾਮਵਾਰ ਸੰਸਥਾ ਇੰਡੀਆ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਖੈਰਾਤੀ ਰਾਤ ਦੇ ਖਾਣੇ ਦੇ ਸਮਾਗਮ ਦਾ ਆਯੋਜਨ ਕਰਾਊਨ ਕਾਨਫਰੰਸ ਸੈਂਟਰ ਰਾਇਸਲਿਪ ਵਿਖੇ ਕੀਤਾ ਗਿਆ। ਜਿਸ ਵਿੱਚ ਡਿਫੈਂਸ ਸੈਕਟਰੀ ਲਿਆਮ ਫੌਕਸ ਮੈਂਬਰ ਪਾਰਲੀਮੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਬਰਤਾਨਵੀ ਅਤੇ ਭਾਰਤੀ ਰਾਸ਼ਟਰੀ ਗੀਤਾਂ ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਵਿਸ਼ੇਸ਼ ਤੌਰ Ḕਤੇ ਹਾਜ਼ਰ ਹੋਏ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਬਰਤਾਨੀਆ ਦੀ ਪਹਿਲੀ ਭਾਰਤੀ ਮੂਲ ਦੀ ਔਰਤ ਮੈਂਬਰ ਪਾਰਲੀਮੈਂਟ ਮਿਸ ਪ੍ਰੀਤੀ ਪਟੇਲ, ਅਟਾਰਨੀ ਜਨਰਲ ਡੌਮੀਨੀਕ ਗਰੀਵ ਮੈਂਬਰ ਪਾਰਲੀਮੈਂਟ, ਲੰਡਨ ਦੇ ਮੇਅਰ ਰਿਚਰਦ ਬਾਰਨਸ ਅਤੇ ਹਿਲਿੰਗਡਨ ਦੇ ਮੇਅਰ ਕੌਂਸਲਰ ਮੈਰੀ ਓ ਬਰਾਇਨ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਰਤਾਨਵੀ ਫੌਜ਼ ਲਈ ਖੈਰਾਤੀ ਫੰਡ ਇਕੱਠਾ ਕਰਨ ਦੀ ਮੁਹਿੰਮ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਇੰਡੀਆ ਐਸੋਸੀਏਸ਼ਨ ਵੱਲੋਂ ਡਿਫੈਂਸ ਸੈਕਟਰੀ ਲਿਆਮ ਫੌਕਸ ਨੂੰ 25 ਹਜ਼ਾਰ ਪੌਂਡ ਦਾ ਚੈੱਕ ਭੇਂਟ ਕੀਤਾ ਗਿਆ। ਇਸ ਸਮੇਂ ਇੰਪੈਕਟ ਡਾਂਸ ਗਰੁੱਪ ਅਤੇ ਗਾਇਕਾ ਸੋਨਾ ਵਾਲੀਆ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।