ਅਜੋਕੇ ਅਖੌਤੀ ਅਗਾਂਹਵਧੂ ਪੰਜਾਬੀ ਸਮਾਜ ਵਿੱਚ ਜਦੋਂ ਕੁੜੀ ਦਾ ਭਰੂਣ ਪੇਟ ਵਿੱਚ ਪਲਦਾ ਹੋਣ ਨੂੰ ਹੀ ਅਪਸ਼ਗਨ ਮੰਨਿਆ ਜਾਂਦੈ, ਉਸੇ ਸਮਾਜ 'ਚ ਇੱਕ ਪਿਉ ਆਪਣੇ ਘਰ ਜੰਮੀ ਧੀ ਦੀ ਮੁੰਡਿਆਂ ਵਾਂਗ ਨਿੰਮ ਬੰਨ੍ਹੇ........ ਗੱਲ ਕਿਸੇ
ਹੋਰ ਹੀ ਦੁਨੀਆ ਦੀ ਲਗਦੀ ਹੈ। ਨਹੀਂ ਦੋਸਤੋ ਇਹ "ਅਦਭੁੱਤ" ਘਟਨਾ ਆਪਣੇ ਪੰਜਾਬ ਦੇ ਹੀ ਜਿਲ੍ਹਾ ਬਠਿੰਡਾ ਦੇ ਪਿੰਡ ਚੱਕ ਬਖਤੂ ਦੀ ਹੈ। ਜਿੱਥੋਂ ਦੇ ਜੰਮਪਲ ਅਗਾਹਵਧੂ ਸੋਚ ਦੇ ਮਾਲਕ ਬੈਲਜ਼ੀਅਮ ਵਸਦੇ ਧਰਮਿੰਦਰ ਸਿੰਘ ਸਿੱਧੂ ਨਾਂਅ ਦੇ ਨੌਜ਼ਵਾਨ ਨੇ ਨਾ ਸਿਰਫ ਬੇਟੀ ਦੇ ਜਨਮ ਲੈਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਸਗੋਂ ਆਪਣੇ ਪਿੰਡ ਚੱਕ ਬਖਤੂ ਵਿਖੇ ਬਿਲਕੁਲ ਉਸੇ ਤਰ੍ਹਾਂ ਹੀ ਘਰ ਦੇ ਮੁੱਖ ਦਰਵਾਜ਼ੇ 'ਤੇ ਪੂਰੇ ਸ਼ਗਨਾਂ ਨਾਲ ਨਿੰਮ ਬੰਨ੍ਹੀ ਜਿਵੇਂ ਹੁਣ ਤੋਂ ਸਾਢੇ ਕੁ ਪੰਜ ਸਾਲ ਪਹਿਲਾਂ ਆਪਣੇ ਪਲੇਠੇ ਪੁੱਤਰ ਗੁਰਸ਼ਾਨ ਦੇ ਜਨਮ ਵੇਲੇ ਬੰਨ੍ਹੀ ਸੀ। ਪਿੰਡ ਚੱਕ ਬਖਤੂ ਦੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਸੀ ਕਿ ਬਲਦੇਵ ਸਿੰਘ ਪੁੱਤਰ ਸ. ਗੁਰਦਿਆਲ ਸਿੰਘ (ਖੂਹ ਵਾਲੇ) ਦੇ ਘਰ ਪੋਤਰੀ ਦਾ ਜਨਮ ਹੋਣ ਤੇ ਮੁੰਡੇ ਦੇ ਜਨਮ ਵਾਂਗ ਘਰ ਦੇ ਗੇਟ 'ਤੇ ਨਿੰਮ ਬੰਨ੍ਹੀ ਜਾ ਰਹੀ ਸੀ। ਨਵ-ਜਨਮੀ ਲੜਕੀ ਦਾ ਨਾਮਕਰਨ ਵਿਸ਼ਵ ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦੇ ਸੁਝਾਏ ਨਾਂ ਅਨੁਸਾਰ ਸੀਰਤ ਕੌਰ ਸਿੱਧੂ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੀਰਤ ਦੀ ਨੱਬੇ ਸਾਲਾ ਪੜ੍ਹਦਾਦੀ ਵੱਲੋਂ ਵੀ ਸ਼ਗਨਾਂ ਦੇ ਗੀਤ ਗਾਏ ਗਏ। ਇਸ ਖੁਸ਼ੀ ਦੀ ਘੜੀ 'ਚ ਸ਼ਰੀਕ ਹੁੰਦਿਆਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਿੱਧੂ ਪਰਿਵਾਰ ਦੇ ਇਸ ਬਰਾਬਰਤਾ ਦੀ ਨਿਸ਼ਾਨਦੇਹੀ ਕਰਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵਜਨਮੀ ਲੜਕੀ ਦੀ ਭੂਆ ਜੋ ਕਿ ਬਿਜਲੀ ਬੋਰਡ 'ਚ ਐੱਸ.ਡੀ.ਓ. ਹੈ, ਦੇ ਵਿਆਹ ਮੌਕੇ ਵੀ ਇਸ ਪਰਿਵਾਰ ਨੇ ਮੁੰਡੇ ਦੇ ਵਿਆਹ ਵਾਂਗ ਸ਼ਗਨ ਕੀਤੇ ਸਨ। ਇਸ ਮੁਬਾਰਕ ਘੜੀ 'ਤੇ ਧਰਮਿੰਦਰ ਸਿੱਧੂ ਨੂੰ ਸੀਰਤ ਦੇ ਜਨਮ 'ਤੇ ਸ਼ਿਵਚਰਨ ਜੱਗੀ ਕੁੱਸਾ, ਸ਼ਾਇਰਾ ਕੁਲਵੰਤ ਢਿੱਲੋਂ, ਚਰਚਿਤ ਕਹਾਣੀਕਾਰਾ ਭਿੰਦਰ ਜਲਾਲਾਬਾਦੀ ਯੂ.ਕੇ., ਕਵੀ ਰਵੀ ਨੱਥੋਵਾਲ, ਲੇਖਕ ਮਿੰਟੂ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ, ਡਾ: ਤਾਰਾ ਸਿੰਘ ਆਲਮ ਆਦਿ ਨੇ "ਚੱਕ ਬਖਤੂ ਡੌਟ ਕੌਮ" ਰਾਹੀਂ ਮਾਂ ਬੋਲੀ ਦੀ ਨਿਸਕਾਮ ਸੇਵਾ ਕਰ ਰਹੇ ਧਰਮਿੰਦਰ ਸਿੱਧੂ ਨੂੰ ਵਧਾਈ ਪੇਸ਼ ਕੀਤੀ ਹੈ।