Saturday, 1 January 2011

"ਮੁੰਡਾ ਸਾਊਥਾਲ ਦਾ" ਫੇਮ ਮੇਜਰ ਸੰਧੂ ਦੀ ਕੈਸੇਟ "ਨਿੱਤ ਸਵੇਰੇ" ਸਰੋਤਿਆਂ ਦੀ ਕਚਿਹਰੀ 'ਚ।

ਲੰਡਨ- ਇੰਗਲੈਂਡ ਦੇ ਵੀਨਸ ਟੀ.ਵੀ ਤੋਂ ਪ੍ਰਸਾਰਿਤ ਹੁੰਦੇ ਬਹੁ-ਚਰਚਿਤ ਪ੍ਰੋਗਰਾਮ "ਮੁੰਡਾ ਸਾਊਥਾਲ ਦਾ" ਦੇ ਪੇਸ਼ਕਾਰ ਮੇਜਰ ਸੰਧੂ ਇਸ ਵਾਰ ਆਪਣੀ ਨਵੀਂ ਆਡੀਓ ਕੈਸੇਟ "ਨਿੱਤ ਸਵੇਰੇ" ਰਾਹੀਂ ਸੰਗੀਤ ਪ੍ਰੇਮੀਆਂ ਦੀ ਕਚਿਹਰੀ 'ਚ ਹਾਜ਼ਿਰ ਹੋਇਆ ਹੈ। ਕੰਪਨੀ ਐੱਮ.ਐੱਸ.ਡੀ. ਪ੍ਰੋਡਕਸ਼ਨ ਅਤੇ ਕੁਲਜੀਤ ਜੰਜੂਆ {ਸਵਿਸ} ਦੀ ਪੇਸ਼ਕਾਰੀ ਅਧੀਨ ਕੇਸੇਟ ਦਾ ਸੰਗੀਤ ਅਨੂ-ਮਨੂ, ਜੁਆਏ-ਅਤੁਲ ਅਤੇ ਖੁਦ ਮੇਜਰ ਸੰਧੂ ਨੇ ਤਿਆਰ ਕੀਤਾ ਹੈ। ਗਾਇਕ ਮੇਜਰ ਸੰਧੂ ਅਤੇ ਸਹਿ ਗਾਇਕਾ ਹਰਲੀਨ ਅਖ਼ਤਰ ਦੀ ਮਾਖਿਉਂ ਮਿੱਠੀ ਆਵਾਜ਼ ਦਾ ਸ਼ਿੰਗਾਰ ਬਣੇ ਗੀਤ ਮੇਜਰ ਸੰਧੂ, ਸੁਖਵੀਰ ਸੰਧੂ ਅਤੇ ਪਾਲ ਫਿਆਲੀ ਵਾਲਾ ਦੀਆਂ ਕਲਮਾਂ ਦੇ ਜਨਮੇ ਹੋਏ ਹਨ। ਸੰਗੀਤਕ ਮੰਡੀ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਬੇਸ਼ੱਕ ਕੈਸੇਟ ਵਿੱਚ ਕਾਫੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ "ਪੌਂਡਾਂ ਪਿੱਛੇ ਤੂੰ ਮਰਦਾ, ਪੈਨੀਆਂ 'ਤੇ ਮਰੇ ਤੇਰੀ ਮਾਂ" ਅਤੇ "ਮਾਂ-ਪੁੱਤ" ਗੀਤ ਵਿੱਚ ਮਾਂ ਅਤੇ ਪੁੱਤ ਦੇ ਵਾਰਤਾਲਾਪ ਦੀ ਗੀਤ ਰਾਹੀਂ ਬਿਆਨਗੀ ਕੈਸੇਟ ਲਈ ਕੰਮ ਕਰ ਰਹੀ ਟੀਮ ਦੀ ਅਹਿਮ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਤੋਂ ਵੀ ਵਧੇਰੇ ਸਲਾਹੁਣਯੋਗ ਕੰਮ ਇਹ ਕਿਹਾ ਜਾ ਸਕਦਾ ਹੈ ਕਿ ਇਸ ਕੈਸੇਟ ਤੋਂ ਹੋਣ ਵਾਲੇ ਲਾਭ ਦਾ ਪੱਚੀ ਫੀਸਦੀ ਹਿੱਸਾ ਪੰਜਾਬ ਵਿੱਚ ਅੰਨ੍ਹੇ ਲੋਕਾਂ ਦੀ ਸੇਵਾ ਕਰ ਰਹੀ ਸੰਸਥਾ "ਗੁਰੂ ਤੇਗ ਬਹਾਦਰ ਟਰੱਸਟ" ਨੂੰ ਜਾਵੇਗਾ। ਵੀਡੀਓ ਡਾਇਰੈਕਰ ਸਿਮਰ ਪਾਂਗਲੀ ਦੀ ਨਿਰਦੇਸ਼ਨਾ ਹੇਠ ਕੈਸੇਟ ਦੇ ਗੀਤਾਂ ਦੇ ਫਿਲਮਾਂਕਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਹਨਾਂ ਵਿੱਚੋਂ "ਨਿੱਤ ਸਵੇਰੇ", "ਪੌਂਡਾਂ ਪਿੱਛੇ ਤੂੰ ਮਰਦਾ", "ਜੱਟ ਦੀ ਤਸੱਲੀ" ਅਤੇ "ਮਾਂ ਪੁੱਤ" ਗੀਤ ਵੱਖ ਵੱਖ ਚੈਨਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਸੇਟ ਦੇ ਬਾਕੀ ਗੀਤ ਵੀ ਹਰ ਵਰਗ ਨੂੰ ਆਪਣੇ ਨਾਲ ਜੋੜਨ ਵਿੱਚ ਜਰੂਰ ਸਫਲ ਹੋਣਗੇ।